ਅਕਾਲ ਤਖ਼ਤ ਸਾਹਿਬ ਮਰਿਯਾਦਾ

Akal Takht Sahib Maryada

ਕਿਵਾੜ ਖੁਲ੍ਹਣੇ:

ਸ੍ਰੀ ਹਰਿਮੰਦਰ ਸਾਹਿਬ ਦੇ ਅੰਮ੍ਰਿਤ ਵੇਲੇ ਕਿਵਾੜ ਖੁਲ੍ਹਣ ਤੋਂ ਇਕ ਘੰਟਾ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਿਵਾੜ ਖੁੱਲ੍ਹ ਜਾਂਦੇ ਹਨ। ਇਹ ਸਮਾਂ ਮੌਸਮ ਅਨੁਸਾਰ ਬਦਲਦਾ ਰਹਿੰਦਾ ਹੈ। ਜਿਵੇਂ ਕਿ ਜੇਠ ਤੇ ਹਾੜ ਦੇ ਦੋ ਮਹੀਨੇ (03.00) ਤਿੰਨ ਵਜੇ, ਵਿਸਾਖ ਤੇ ਸਾਵਣ ਦੇ ਦੋ ਮਹੀਨੇ (02.15) ਸਵਾ ਦੋ ਵਜੇ, ਚੇਤਰ ਤੇ ਭਾਦਰੋਂ ਦੇ ਦੋ ਮਹੀਨੇ (02.30) ਢਾਈ ਵਜੇ, ਅੱਸੂ ਤੇ ਫੱਗਣ ਦੇ ਦੋ ਮਹੀਨੇ (02.45) ਪੌਣੇ ਤਿੰਨ ਵਜੇ ਅਤੇ ਕੱਤਕ, ਮੱਘਰ, ਪੋਹ ਤੇ ਮਾਘ ਦੇ ਚਾਰ ਮਹੀਨੇ (03.00) ਤਿੰਨ ਵਜੇ ਕਿਵਾੜ ਖੁੱਲ੍ਹਦੇ ਹਨ।

ਕਿਵਾੜ ਖੁੱਲ੍ਹਣ ਤੋਂ ਇਕ ਘੰਟਾ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਨਗਾਰੇ ’ਤੇ ਨਗਾਰਚੀ ਚੋਟ ਲਗਾਉਂਦਾ ਹੈ। ਤਖ਼ਤ ਸਾਹਿਬ ਦੇ ਸਾਹਮਣੇ ਹੇਠ ਹਜ਼ੂਰੀ ਵਿਚ ਬੈਠੀ ਸੰਗਤ ਜਿਸ ਨੇ ਰਲ ਕੇ ਜੋਟੀਆਂ ਨਾਲ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ ਹੁੰਦਾ ਹੈ, ਨਗਾਰੇ ਦੀ ਚੋਟ ਸੁਣ ਕੇ ਸਾਵਧਾਨ ਹੋ ਜਾਂਦੀ ਹੈ। ਨਗਾਰਾ ਵੱਜਣ ਤੋਂ ਕੁਝ ਮਿੰਟ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਗ੍ਰੰਥੀ ਜਾਂ ਮੁੱਖ ਗ੍ਰੰਥੀ ਕੋਠਾ ਸਾਹਿਬ ਅੰਦਰ ਜਾ ਕੇ ਪਲੰਘ ਉੱਪਰ ਬਿਰਾਜਮਾਨ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ ਪਾਵਨ ਸਰੂਪਾਂ ਉੱਪਰ ਪਿਆਰ ਸਤਿਕਾਰ ਸਹਿਤ ਚੌਰ ਕਰਦਾ ਹੋਇਆ ਕੁਝ ਪ੍ਰਕਰਮਾ ਕਰਦਾ ਹੈ। ਨਗਾਰੇ ਦੀ ਅਵਾਜ਼ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਜਾਂ ਮੁੱਖ ਗ੍ਰੰਥੀ (ਜਿਨ੍ਹਾਂ ਦੀ ਡਿਊਟੀ ਹੁੰਦੀ ਹੈ) ਕੋਠਾ ਸਾਹਿਬ ਦੇ ਅੰਦਰ ਦਾਖਲ ਹੁੰਦੇ ਹਨ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਜਾਂ ਮੁੱਖ ਗ੍ਰੰਥੀ ਪਾਸੋਂ ਚੌਰ ਪਕੜ ਕੇ ਚੌਰ ਕਰਦਿਆਂ ਹੋਇਆ ਪਲੰਘ ਸਾਹਿਬ ਦੀਆਂ ਕੁਝ ਪ੍ਰਕਰਮਾਂ ਕਰਦਾ ਹੈ ਤੇ ਚੌਰ ਵਾਪਸ ਪਕੜਾ ਕੇ ਗੁਰੂ ਸਾਹਿਬ ਜੀ ਦੀ ਸਵਾਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੈ ਕੇ ਜਾਣ ਸੰਬੰਧੀ ਸੰਖੇਪ ਜੇਹੀ ਅਰਦਾਸ ਕਰਨ ਉਪਰੰਤ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ ਪਾਵਨ ਸਰੂਪ ਨੂੰ ਆਪਣੇ ਸੀਸ ਉੱਪਰ ਸਜਾਉਣ ਹਿਤ ਇਕ ਪਾਸੇ ਹੱਥ ਪਾਉਂਦੇ ਹਨ। ਤਖ਼ਤ ਸਾਹਿਬ ਦੇ ਗ੍ਰੰਥੀ ਚੌਰ ਪਲੰਘ ਉੱਪਰ ਰਖ ਕੇ ਗੁਰੂ ਸਾਹਿਬ ਦੇ ਸਰੂਪ ਨੂੰ ਹੱਥ ਪਾ ਕੇ ਸਤਿਕਾਰ ਸਹਿਤ ਸਿੰਘ ਸਾਹਿਬ ਦੇ ਸੀਸ ਉੱਪਰ ਰਖਾਉਂਦੇ ਹਨ ਤੇ ਚੌਰ ਸ੍ਰੀ ਹਰਿਮੰਦਰ ਸਾਹਿਬ ਦੇ ਡਿਊਟੀ ਵਾਲੇ ਚੌਰ-ਬਰਦਾਰ ਨੂੰ ਸੌਂਪ ਦੇਂਦੇ ਹਨ ਤੇ ਆਪ ਹੇਠ ਸੁਨਹਿਰੀ ਪਾਲਕੀ ਸਾਹਿਬ ਤਕ ਨਾਲ ਜਾਂਦੇ ਹਨ। ਚਾਂਦੀ ਦੀਆਂ ਚੋਬਾਂ ਪਕੜ ਕੇ ਦੋ ਚੋਬਦਾਰ ਸਿੰਘ ਸਾਹਿਬ ਦੇ ਅੱਗੇ-ਅੱਗੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ ਸਤਿਕਾਰ ਹਿਤ ਚਲਦੇ ਹਨ। ਦਰਸ਼ਨੀ ਡਿਊਢੀ ਵਿਚ ਸੁਨਹਿਰੀ ਪਾਲਕੀ ਦੇ ਦਾਖਲ ਹੋਣ ਤਕ ਨਗਾਰਾ ਵਜਦਾ ਰਹਿੰਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼:

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੀ ਸਵਾਰੀ ਦੇ ਚਲੇ ਜਾਣ ਤੋਂ ਬਾਅਦ ਤਖ਼ਤ ਸਾਹਿਬ ਦੇ ਅੰਦਰਵਾਰ ਤੇ ਬਾਹਰਵਾਰ ਦੋਹਾਂ ਥਾਵਾਂ ਤੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ ਦੋ ਪਾਵਨ ਸਰੂਪਾਂ ਦਾ ਸਤਿਕਾਰ ਸਹਿਤ ਪ੍ਰਕਾਸ਼ ਕੀਤਾ ਜਾਂਦਾ ਹੈ। ਜੇਕਰ ਅੰਦਰਵਾਰ ਸ੍ਰੀ ਅਖੰਡ ਪਾਠ ਚਲ ਰਿਹਾ ਹੋਵੇ ਤਾਂ ਫਿਰ ਸਿਰਫ ਬਾਹਰਵਾਰ ਹੀ ਪ੍ਰਕਾਸ਼ ਕੀਤਾ ਜਾਂਦਾ ਹੈ। ਉਪਰੰਤ ਗ੍ਰੰਥੀ ਜਾਂ ਮੁੱਖ ਗ੍ਰੰਥੀ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਹਾਜ਼ਰ ਸੰਗਤਾਂ ਨੂੰ ਮਹਾਂਵਾਕ ਸਰਵਣ ਕਰਾੳਂਦਾ ਹੈ। ਫਿਰ ਇਤਿਹਾਸਕ ਸ਼ਸਤ੍ਰਾਂ ਦੇ ਸੰਗਤਾਂ ਨੂੰ ਦਰਸ਼ਨ ਕਰਵਾ ਕੇ ਤਖ਼ਤ ਸਾਹਿਬ ਉੱਪਰ ਬਣੇ ਸੁਨਹਿਰੀ ਬੰਗਲੇ ਵਿਚ ਸਜਾ ਦਿੱਤੇ ਜਾਂਦੇ ਹਨ। ਜਿੱਥੇ ਬਾਹਰੋਂ ਦਰਸ਼ਨ ਕਰਨ ਆਈਆਂ ਸੰਗਤਾਂ ਸ਼ੀਸ਼ਿਆਂ ਰਾਹੀਂ ਸ਼ਸਤਰਾਂ ਦੇ ਦਰਸ਼ਨ ਕਰਦੀਆਂ ਹਨ। ਤਖ਼ਤ ਸਾਹਿਬ ਦੇ ਹਜ਼ੂਰ ਜੁੜੀ ਸੰਗਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਣ ਵਾਲੇ ਪਹਿਲੇ ਮਹਾਂਵਾਕ ਨੂੰ ਸਰਵਣ ਕਰਨ ਲਈ ਦਰਸਨੀ ਡਿਉਢੀ ਅੰਦਰ ਪਹੁੰਚ ਜਾਂਦੀ ਹੈ।

ਤਖ਼ਤ ਸਾਹਿਬ ਦੇ ਸਾਹਮਣੇ ਹੇਠ ਸਿਹਨ ’ਚ ਸਟੇਜ ਸਜਾ ਕੇ ਤਖ਼ਤ ਸਾਹਿਬ ਦਾ ਹਜ਼ੂਰੀ ਰਾਗੀ ਜੱਥਾ ‘ਆਸਾ ਦੀ ਵਾਰ’ ਦਾ ਰਸ-ਭਿੰਨਾਂ ਕੀਰਤਨ ਆਰੰਭ ਕਰ ਦੇਂਦਾ ਹੈ। ਦੋਹੀਂ ਥਾਈਂ ਦੋ ਗ੍ਰੰਥੀ ਸਿੰਘ ਜਾਂ ਪੰਜਾਂ ਪਿਆਰਿਆਂ ’ਚੋਂ ਦੋ ਸਿੰਘ ‘ਸ੍ਰ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੀ ਹਜ਼ੂਰੀ (ਤਾਬਿਆ) ਵਿਚ ਬੈਠਦੇ ਹਨ ਅਤੇ ਦੋਹੀਂ ਥਾਈਂ ਇਕ-ਇਕ ਸੇਵਾਦਾਰ ਜ਼ਰੂਰੀ ਸੇਵਾਵਾਂ ਹਿਤ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਹਾਜ਼ਰ ਰਹਿੰਦੇ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਉਪਰੰਤ ਹੋਈ ਅਰਦਾਸ ਅਤੇ ਮਹਾਂਵਾਕ ਉਪਰੰਤ ਥੋੜੇ ਸਮੇਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਹੋ ਰਹੇ ਆਸਾ ਦੀ ਵਾਰ ਦੇ ਕੀਰਤਨ ਦਾ ਭੋਗ ਪਾਇਆ ਜਾਂਦਾ ਹੈ। ਗੁਰੂ ਕੇ ਖ਼ਜਾਨੇ ਵਿਚੋਂ ਅਤੇ ਪ੍ਰੇਮੀ ਸਜੱਣਾ ਵਲੋਂ ਗੁਰੂ ਹਜ਼ੂਰੀ ਵਿਚ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਕੀਤੀ ਜਾਂਦੀ ਹੈ ਅਤੇ ਗ੍ਰੰਥੀ ਸਿੰਘ ਪੰਥ ਪ੍ਰਵਾਣਤ ਅਰਦਾਸ ਕਰਦਾ ਹੈ। ਅਰਦਾਸ ਤੋਂ ਬਾਅਦ ਮੱਥਾ ਟੇਕ ਕੇ ਸਾਰੀ ਸੰਗਤ ਖੜੀ ਹੋ ਕੇ ਆਗਿਆ ਭਈ ਅਕਾਲ ਕੀ … ਗੁਰੂ ਗ੍ਰੰਥ ਜੀ ਮਾਨੀਓ … ਅਤੇ ਰਾਜ ਕਰੇਗਾ ਖ਼ਾਲਸਾ … ਇਹ ਉਪਰੋਕਤ ਤਿੰਨੇ ਦੋਹਰੇ ਗੱਜ ਕੇ ਪੜ੍ਹਦੀ ਹੈ ਤੇ ਜੈਕਾਰਾ ਛਡਿਆ ਜਾਂਦਾ ਹੈ ਜਦ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਨਾ ਉਪਰੋਕਤ ਤਿੰਨ ਦੋਹਰੇ ਪੜ੍ਹੇ ਜਾਂਦੇ ਹਨ ਤੇ ਨਾ ਹੀ ਜੈਕਾਰਾ ਗੁੰਜਾਇਆ ਜਾਂਦਾ ਹੈ।

ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰੋਂ ਸੰਗਤਾਂ ਗੁਰੂ ਸਾਹਿਬ ਦੇ ਮਹਾਂਵਾਕ ਸਰਵਣ ਕਰਕੇ ਨਿਸਚੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਣ ਜੁੜ ਬੈਠਦੀਆਂ ਹਨ ਅਤੇ ਡਿਊਟੀ ਪੁਰ ਹਾਜ਼ਰ ਗ੍ਰੰਥੀ ਜਾਂ ਮੁੱਖ ਗ੍ਰੰਥੀ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਵਿਚੋਂ ਮਹਾਂਵਾਕ ਪੜ੍ਹ ਕੇ ਸੰਗਤਾਂ ਨੂੰ ਸਰਵਣ ਕਰਾਉਂਦੇ ਹਨ, ਉਪਰੰਤ ਕੜਾਹ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਤੇ ਨਾਲ-ਨਾਲ ਸਾਰੀ ਸੰਗਤ ਜੋਟੀਆਂ ਦੇ ਸ਼ਬਦ ਪੜ੍ਹਦੀ ਹੈ। ਕੜਾਹ ਪ੍ਰਸ਼ਾਦ ਵਰਤ ਜਾਣ ਤੋਂ ਬਾਅਦ ਬਾਹਰਵਾਰ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ ਕੀਤੇ ਪ੍ਰਕਾਸ਼ ਦਾ ਸੁਖ-ਆਸਣ ਕਰ ਦਿੱਤਾ ਜਾਂਦਾ ਹੈ। ਤਖ਼ਤ ਸਾਹਿਬ ਦੇ ਅੰਦਰਵਾਰ ਸਾਰਾ ਦਿਨ ‘ਸ੍ਰ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੀ ਹਜ਼ੂਰੀ ਵਿਚ ਇਕ ਗ੍ਰੰਥੀ ਸਿੰਘ ਜਾਂ ਪੰਜ ਪਿਆਰੇ ਹਰ ਵਕਤ ਤਾਬਿਆ ਸਜੇ ਰਹਿੰਦੇ ਹਨ, ਜਿਨ੍ਹਾਂ ਦੇ ਜਿੰਮੇ ਵਿਸ਼ੇਸ਼ ਕਰਕੇ ਬਾਹਰੋਂ ਆਏ ਪ੍ਰੇਮੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਦੇਣੀ ਅਤੇ ਪ੍ਰੇਮੀਆਂ ਵਲੋਂ ਭੇਂਟ ਕੀਤੇ ਕੜਾਹ ਪ੍ਰਸ਼ਾਦਿ ਦੀ ਅਰਦਾਸ ਕਰਕੇ ਵਰਤਾਉਣਾ ਆਦਿ ਸੇਵਾਵਾਂ ਹੁੰਦੀਆਂ ਹਨ।

‘ਸੋਦਰ’ ਦੇ ਪਾਠ ਤੋਂ ਪਹਿਲਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸੰਗਤਾਂ ਤਖ਼ਤ ਸਾਹਿਬ ਦੇ ਹਜ਼ੂਰੀ ਰਾਗੀ ਜੱਥੇ ਪਾਸੋਂ ਡੇਢ ਘੰਟਾ ਰਸ ਭਿੰਨੇ ਕੀਰਤਨ ਦਾ ਆਨੰਦ ਮਾਣਦੀਆਂ ਹਨ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ‘ਸੋਦਰੁ ਰਹਿਰਾਸ’ ਦੇ ਪਾਠ ਆਰੰਭ ਹੋਣ ਤੋਂ ਪੰਦਰਾਂ ਕੁ ਮਿੰਟ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਜਾਂ ਮੁੱਖ ਗ੍ਰੰਥੀ ਦੁਆਰਾ ‘ਸੋਦਰੁ ਰਹਿਰਾਸ’ ਦਾ ਪਾਠ ਆਰੰਭ ਕੀਤਾ ਜਾਂਦਾ ਹੈ।

ਅਰਦਾਸ ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਸਮਾਪਤੀ ਵਾਂਗ ਤਿੰਨੇ ਦੋਹਰੇ ਸੰਗਤਾਂ ਰਲ-ਮਿਲ ਕੇ ਪੜ੍ਹਦੀਆਂ ਹਨ ਤੇ ਅਖੀਰ ਵਿਚ ਜੈਕਾਰਾ ਗੁੰਜਾਇਆ ਜਾਂਦਾ ਹੈ, ਉਪਰੰਤ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਵਿਚੋਂ ਮਹਾਂਵਾਕ ਪੜ੍ਹ ਕੇ ਸੁਨਾਇਆ ਜਾਂਦਾ ਹੈ। ਫਿਰ ਇਕ-ਇਕ ਕਰਕੇ ਸੰਗਤਾਂ ਨੂੰ ਇਤਿਹਾਸਕ ਸ਼ਸਤ੍ਰਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ ਤੇ ਨਾਲ ਉਹਨਾਂ ਸ਼ਸਤ੍ਰਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਸ਼ਸਤ੍ਰਾਂ ਨੂੰ ਮਿਆਨਾ ਵਿਚ ਪਾ ਕੇ ਨਿੱਜ ਅਸਥਾਨ ਵਿਖੇ ਸਜ਼ਾ ਦਿੱਤੇ ਜਾਂਦੇ ਹਨ। ਆਮ ਤੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੰਦਰਵਾਰ ਲਗਾਤਾਰ ਅਖੰਡ ਪਾਠ ਚਲਦੇ ਰਹਿੰਦੇ ਹਨ, ਜੇ ਅਖੰਡ ਪਾਠ ਨਾ ਹੋਵੇ ਤਾਂ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ ਪਾਵਨ ਸਰੂਪ ਨੂੰ ਸੁਖ-ਆਸਣ ਕਰਕੇ ਕੋਠਾ ਸਾਹਿਬ ਵਿਖੇ ਬਿਰਾਜਮਾਨ ਕਰ ਦਿੱਤਾ ਜਾਂਦਾ ਹੈ।

ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਜਾਂ ਮੁੱਖ ਗ੍ਰੰਥੀ ਸਤਿਕਾਰ ਸਹਿਤ ਸੰਗਤਾਂ ਸਮੇਤ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦਾ ਪਾਵਨ ਸਰੂਪ ਸ੍ਰੀ ਹਰਿਮੰਦਰ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲੈ ਕੇ ਪੁਜਦੇ ਹਨ ਅਤੇ ਗੁਰੂ ਸਾਹਿਬ ਜੀ ਨੂੰ ਕੋਠਾ ਸਾਹਿਬ ਵਿਖੇ ਬਿਰਾਜਮਾਨ ਕਰਨ ੳਪਰੰਤ ਤਖ਼ਤ ਸਾਹਿਬ ਦੇ ਸੇਵਾਦਾਰਾਂ ਵਲੋਂ ਫਰਾਸ਼ ਨੂੰ ਸਾਰਾ ਚਾਰਜ਼ ਭਾਰ ਸੌਪ ਦਿੱਤਾ ਜਾਂਦਾ ਹੈ।

ਨਗਾਰੇ ਤੇ ਚੋਟ:

ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰੋਂ ਕੋਠੇ ਸਾਹਿਬ ਤੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੀ ਸਵਾਰੀ ਚਲਣ ਸਮੇਂ ਨਗਾਰਾ ਵਜਣਾਂ ਆਰੰਭ ਹੋ ਜਾਂਦਾ ਹੈ। ਜਦ ਸੁਨਿਹਰੀ ਪਾਲਕੀ ਦਰਸ਼ਨੀ ਡਿਉਢੀ ’ਚ ਦਾਖਲ ਹੁੰਦੀ ਹੈ ਤਾਂ ਨਗਾਰਾ ਵਜਣਾਂ ਬੰਦ ਹੋ ਜਾਂਦਾ ਹੈ। ਇਵੇਂ ਹੀ ਰਾਤ ਸਮੇਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰੂ ਸਾਹਿਬ ਦੀ ਸਵਾਰੀ ਦਰਸ਼ਨੀ ਡਿਉਢੀ ਤੋਂ ਬਾਹਰ ਨਿਕਲਦੇ ਹੀ ਤਖ਼ਤ ਸਾਹਿਬ ਤੋਂ ਨਗਾਰਾ ਵਜਣਾਂ ਆਰੰਭ ਹੋ ਜਾਂਦਾ ਹੈ ਤੇ ਗੁਰੂ ਸਾਹਿਬ ਦੀ ਸਵਾਰੀ ਕੋਠਾ ਸਾਹਿਬ ਵਿਖੇ ਬਿਰਾਜਮਾਨ ਕਰਕੇ ਅਰਦਾਸਾ ਸੋਧਿਆ ਜਾਂਦਾ ਹੈ ਤੇ ਅਰਦਾਸੀਆ ਸਿੰਘ ਅਰਦਾਸ ਵੇਲੇ ਜਿੱਥੇ-ਜਿੱਥੇ ‘ਬੋਲੋ ਜੀ ਵਾਹਿਗੁਰੂ’ ਕਹਿੰਦਾ ਹੈ ਉਸ ਸਮੇਂ ਨਗਾਰੇ ਉੱਤੇ ਚੋਟਾਂ ਲਗਦੀਆਂ ਹਨ। ਅਰਦਾਸ ਦੀ ਸਮਾਪਤੀ ਸਮੇਂ ਨਗਾਰਾ ਨਿਰੰਤਰ ਵਜਦਾ ਹੈ ਅਤੇ ਜੈਕਾਰਾ ਗੁੰਜਾਉਣ ਤੋਂ ਬਾਅਦ ਨਗਾਰਾ ਵਜਣਾ ਬੰਦ ਹੋ ਜਾਂਦਾ ਹੈ। ਅਜਿਹਾ ਦੋਨੋਂ ਸਮੇਂ ਦੀ ਅਰਦਾਸਾਂ ਵੇਲੇ ਹੁੰਦਾ ਹੈ।